Saturday, September 5, 2020

ਖ਼ਤ

ਲੱਗੇ ਬੇਰੀਆਂ ਨੂੰ ਬੇਰ ਵੇ
ਸਾਡੀ ਪੀੜ ਨੂੰ ਪੈ ਗਏ ਪੱਤ |
ਅਸੀਂ ਬੀਜ ਕੇ ਦੁੱਖ ਵੱਢ ਲਏ
ਦਿਲ ਦੇ  ਖਾ ਲਏ  ਫੱਟ....

ਹਾੜਾ ਨੀ ਜਿੰਦੇ ਮੇਰੀਏ
ਮੈਨੂੰ ਸੁੱਤਿਆਂ ਲੜ ਜਾਏ ਸੱਪ |
ਪੱਖੀ ਹੋਵੇ ਲਵਾ ਲਵਾਂ  ਘੁੰਗਰੂ
ਪਰ ਪਿਆਰ ਦੀ ਲੱਗੀ ਸੱਟ....

ਮੇਰਾ ਦੁੱਖ ਸਮੁੰਦਰੋਂ ਡੁੰਘੜਾ
ਮੇਰਾ ਹਉਕਾ ਠੰਢੜਾ ਯੱਖ਼ |
ਇਕ ਦਮ  ਦੀ ਦਮੜੀ ਮਣਸ ਕੇ
ਅਸੀਂ ਲੈ ਲਿਆ ਗ਼ਮ ਦਾ ਸੱਕ.... 

ਅਸੀਂ ਸੱਪ ਦਾ ਖਾ ਲਿਆ ਮਾਸ ਵੇ
ਅਤੇ ਅੱਕ ਦੀ ਕੁੰਬਲੀ ਚੱਖ਼
ਸਾਡੇ ਦਿਲ 'ਤੇ ਛਾਲੇ ਪੈ ਗਏ
ਸਾਡਾ ਗੰਢਾਂ ਬਣ ਗਿਆ ਰੱਤ....

ਮੇਰੇ ਨੈਣੀਂ ਵੱਸ ਗਏ ਨੀਰ ਵੇ
ਮੇਰੇ ਪੈਰੀਂ ਖੁੱਭ ਗਿਆ ਕੱਚ |
ਵਿਚ ਸੁਫ਼ਨੇ ਵਾਜਾਂ ਮਾਰਦੇ
ਤੇਰੇ ਮਹਿੰਦੀ ਵਾਲੇ ਹੱਥ.... 

ਅਸੀਂ ਛਮ ਛਮ ਰੋਏ ਵੇਖ ਵੇ
ਸਾਡੇ ਦਿਲ ਦੀ ਰੋਂਦੀ ਅੱਖ
ਦਿਨ ਹੋ ਗਏ ਹੁਣ ਵੱਡੜੇ
ਅਤੇ ਕਣਕਾਂ ਹੋਈਆਂ ਲੱਕ....

ਮੇਰੇ ਸਿਰ ਤੋਂ ਮਿਰਚਾਂ ਵਾਰ ਕੇ
ਕਰੀਂ ਹੌਲਾ ਮੇਰਾ ਹੱਥ
ਮੈਨੂੰ ਨਜ਼ਰ ਲੱਗੀ ਮੇਰੇ ਪਿਆਰ ਦੀ
ਕਿਤੇ ਜਾਵੇ ਜੇ ਇਹ ਲੱਥ.... 

ਮੇਰੇ ਗਲ ਤੋਂ ਖੁੱਸ ਗਏ ਹਾਰ ਵੇ
ਤੇ ਸਗਲੇ ਗਏ ਵੇ ਲੱਥ
ਤੇਰੇ ਨਾਂ ਦੀ ਮਾਲਾ ਜਪ ਲਈ
ਜੀਹਦੇ ਮਣਕੇ  ਇੱਕ ਸੌ ਅੱਠ....

ਅਸੀਂ ਹੋਏ ਜੀਕਣ ਸੁਹਣਿਆ
ਇੰਝ ਹੋਵੇ ਨਾ ਕੋਈ ਵੱਖ
ਅਸੀਂ ਅੱਗ ਦੇ ਖਾ ਲਏ ਚਿਰਵੜੇ
ਗਏ ਗੀਤਾਂ ਦੇ ਵੱਤ.... 

ਅਸੀਂ ਸੌ ਸੱਪਾਂ ਦੀ ਜ਼ਹਿਰ  ਨੂੰ
ਹਾਏ ਪੀ ਲਿਆ ਵਿਚ ਸੱਥ
ਅਸੀਂ ਦਿਲ ਦਾ ਕੱਢ ਕੇ ਖ਼ੂਨ  ਵੇ
ਅੱਜ ਲਿਖਿਆ ਤੈਨੂੰ ਖ਼ਤ....

ਤੇਰੇ ਹਿਜਰ ਦਾ ਅਸੀਂ ਸੰਗਤਰੀ
ਬੁੱਲ੍ਹਾਂ ਤੇ ਮਲਿਆ ਸੱਕ |
ਅਸੀਂ ਹੋ ਗਏ ਵੇ ਬਉਰੜੇ
ਸਾਨੂੰ ਵੱਗ ਗਿਆ ਕੋਈ ਧੱਕ.... 

ਅਸੀਂ ਗਲੀਆਂ ਵਾਲਾ ਪੈਸੜਾ
ਇਸ ਗਲ ਵੀ ਪਾਇਆ ਲੱਖ |
ਤੇਰੀ ਦੀਦ ਪਰ ਨਾ ਹੋ ਸਕੀ
ਗਈਆਂ ਅੱਖਾਂ ਅੜਿਆ ਪੱਕ....

ਪੂਜਾ ਦੇ ਫੁੱਲ ਤੇਰੇ ਨੈਣ ਵੇ
ਤੇ ਹੋਠਾਂ ਦੇ ਦੋ ਪੱਤ |
ਮਨ ਅੰਦਰ ਸਾਡੇ ਸੁਹਣਿਆ
ਕਿਵੇਂ ਚੜ੍ਹਦੇ ਤੂੰਹੀਉਂ ਦੱਸ.... 

ਇਸ ਇਸ਼ਕ ਤੇ ਹੁੰਦਾ ਵੈਰੀਆ
ਕਦੇ ਸਭ ਦਾ ਨਹੀਉਂ  ਹੱਕ |
ਇਸ ਇਸ਼ਕ ਦੇ ਬਾਝੋਂ ਜਾਪਦਾ
ਸਾਨੂੰ ਘੁੱਪ ਹਨੇਰਾ ਜੱਗ....

(ਸੰਨ 1993)

No comments:

Post a Comment