Saturday, September 5, 2020

ਪੀੜ

ਅੱਜ ਸ਼ਾਮ ਬੈਠਾ,
ਚਿਤ੍ਰਸ਼ਾਲਾ ਵਿਚ,
ਤੇਰੀ ਮੈਂ ਇਕ ਤਸਵੀਰ,
ਬਣਾਉਣ ਲੱਗਾ ਹਾਂ |
ਮੈਂ ਪੀੜ ਆਪਣੀ ਦੀ,
ਚੀਚੀ ਵਿਚ ਪਾ ਕੇ ਸੁੱਚਾ ਮੋਤੀ,
ਇਕ ਖ਼ੁਸ਼ੀ ਮਨਾਉਣ ਲੱਗਾ ਹਾਂ |
 
ਉੱਠਿਆ  ਹੈ, ਮਾਰ ਜਾਣ ਦਾ,
ਕੋਝਾ ਖਿਆਲ
ਸਿਰ ਪੀੜ ਦੇ ਵਾਂਗ,
ਮੈਂ ਤਪੇ ਦਿਲ ਦੀ,
ਕੇਤੂ-ਦਸ਼ਾ ਖਾਤਰ,
ਵਿਚ ਮੜ੍ਹੀ,
ਆਪਣੀ ਜਵਾਨੀ ਦੀ,
ਇਕ ਦੀਵਾ ਜਗਾਉਣ ਲੱਗਾ ਹਾਂ |
 
ਮੈਂ ਲੂਆਂ ਡਾਢੀਆਂ  ਵਿਚ ਹਾੜ੍ਹ ਦੀਆਂ,
ਮੱਲ ਕੇ ਗੱਲ੍ਹਾਂ ਉੱਤੇ ਲੌਧਰ ਦੇ ਫੁੱਲ,
ਮਾਰ ਕੇ ਢੀਮ ਆਪਣੇ  ਪਿਆਰ ਦੀ,
ਮਧੂ ਮੱਖੀਆਂ ਉਡਾਉਣ ਲੱਗਾ ਹਾਂ |
 
ਤੇਰੇ ਨੈਣਾਂ ਦੇ ਮੈਨੂੰ,
ਕੌਲ ਫੁੱਲਾਂ ਦੀ ਕਸਮ,
ਮੈਂ ਸੱਦ ਕੇ ਕੰਜਕਾਂ,
ਤੇਰੀ ਯਾਦ ਦੀਆਂ,
ਰੋਜ਼ ਆਟੇ ਦੀਆਂ ਜੋਤਾਂ ਜਗਾਉਣ ਲੱਗਾ ਹਾਂ |
 
ਮੈਨੂੰ ਲੱਗੀ ਹੈ,
ਪਿਆਸ ਡਾਢੀ ਤੇਰੀ ਦੀਦ ਦੀ |
ਨਜ਼ਰ ਆਉਂਦੇ ਨੇ,
ਮੈਨੂੰ ਬਲਦੇ ਚਿਨਾਰ
ਮੈਂ ਨਖੱਤਰ ਫ਼ੁੱਟਿਆਂ ਦਾ,
ਮੀਂਹ ਮੁਸਲੇਧਾਰ
ਆਪਣੇ ਉੱਪਰ ਵਸਾਉਣ ਲੱਗਾ ਹਾਂ |
 
ਹਾਂ ! ਮੈਂ ਲੈ ਕੇ ਬਪਤਿਸਮਾ,
ਕਿਸੇ ਯਰੂਸ਼ਲਮ ਵਿਚੋਂ,
ਆਪਣੇ ਇਸ਼ਕ ਦਾ ਜਮਾਂਦਰੂ-ਚਿੰਨ੍ਹ,
ਹੁਣ ਸਾਰੀ ਦੁਨੀਆ ਨੂੰ ਵਿਖਾਉਣ ਲੱਗਾ ਹਾਂ |
ਹਾਂ ! ਮੈਂ ਆਹਾਂ 'ਤੇ ਹੰਝੂਆਂ ਦੀ ਵੇਦੀ ਤੇ,
ਪਾ ਕੇ ਤਿਲ ਫੁੱਲ,
ਪੀੜ ਅਗੰਮੀ ਦੇ,
ਇਕ ਯੱਗ ਕਰਾਉਣ ਲੱਗਾ ਹਾਂ |
 
ਮੈਂ ਤੇਰੀ ਯਾਦ ਦੀ ਦਰਸ਼ਨੀ ਡਿਉੜੀ  ਨੂੰ,
ਅੱਧੀ ਰਾਤ ਤੋਂ ਸਵੇਰ ਤੱਕ,
ਭਿਉਂ ਕੇ ਹੰਝੂਆਂ ਦੇ ਨਾਲ,
ਤੇ ਫਿਰ ਵਾਲਾਂ ਨਾਲ ਸੁਕਾਉਣ ਲੱਗਾ ਹਾਂ | 

ਮੈਂ ਸਦਾ ਬਹਾਰ ਦੇ ਫੁੱਲਾਂ ਵਿਚ ਖਿੜਿਆ,
ਇਕ ਫੁੱਲ ਕਰੀਰ ਦਾ ਨਾ ਲੈ ਸਕਿਆ,
ਹੁਣ ਅੜੁੰਗ ਕੇ ਕੋਈ ਭੱਖੜਾ ਵਾਲਾਂ ਵਿਚ,
ਆਪਣਾ ਜ਼ਖ਼ਮ ਲੁਕਾਉਣ ਲੱਗਾ ਹਾਂ|

ਮੇਰਾ ਮਰੇ ਦਾ ਮੂੰਹ ਵੇਖੀਂ,
ਮੈਨੂੰ ਸਹੁੰ ਲੱਗੇ,
ਤੂੰਹੀਉਂ ਮੇਰਾ ਪਹਿਲਾ ਇਸ਼ਕ ਤੇ ਛੇਕੜਲਾ,
ਮੈਂ ਰਿਆਜ਼ ਕਰਕੇ ਦਿਲ ਦੀ ਵੇਦਨਾ,
ਤੈਨੂੰ ਗਾ ਕੇ ਸੁਣਾਉਣ ਲੱਗਾ ਹਾਂ | 

ਮੈਂ ਪੀੜ ਆਪਣੀ ਨਵ ਜਨਮੀ ਦਾ,
ਰੱਖ ਕੇ ਬੁੱਢਾ ਨਾਂ,
ਉਸਦੀ ਲੰਮੀ ਉਮਰ ਲਈ,
ਲਿਆ ਕੇ ਤਾਂਬੇ ਦਾ ਪੈਸਾ,
ਗਲ ਪਾਉਣ ਲੱਗਾ ਹਾਂ |
ਡਿੱਗਣਗੇ ਮੇਰੇ ਸਿਵੇ ਉੱਤੇ,
ਫੁੱਲ ਸੋਸਨ ਤੇ ਮਹਿੰਦੀ ਦੇ,
ਮੈਂ ਪੀਲੇ ਭੂਕ ਚਿਹਰੇ ਆਪਣੇ ਦਾ,
ਹੁਣ ਨਕਸ਼ ਮਿਟਾਉਣ ਲੱਗਾ ਹਾਂ |

ਮੈਂ ਪੀਲੇ ਭੂਕ ਚਿਹਰੇ ਆਪਣੇ ਦਾ,
ਹੁਣ ਨਕਸ਼ ਮਿਟਾਉਣ ਲੱਗਾ ਹਾਂ |
 
(ਸੰਨ 1993)

No comments:

Post a Comment