Saturday, September 5, 2020

ਵਿਦਾਇਗੀ

ਲੱਗਾ ਹਾਂ,
ਵਿਦਿਆ ਕਰਨ ਤੇਰੀ ਯਾਦ ਨੂੰ
ਲੱਗਾ ਹਾਂ,
ਇਹ ਕਹਿਰ ਕਮਾਣ
ਜਾ ਰਿਹਾਂ,
ਤੇਰੇ ਹੱਸਦੇ ਮੁੱਖ ਨੂੰ
ਮੈਂ ਸਦਾ ਲਈ ਭੁਲਾਣ...
 
ਗਿਆ,
ਮੋੜ ਜੁਦਾ ਹੋਣ ਦਾ
ਵਿਦਾ ਹੋਣ ਦਾ ਵਕਤ ਇਹ,
ਨਹੀਂ ਜਾਣਦਾ ਕਿ ਮੁਸ਼ਕਲ ਹੈ
ਨਹੀਂ ਜਾਣਦਾ ਕਿ ਆਸਾਨ...
 
ਛੱਡ ਕੇ ਨਗਰ, ਤੇਰੀ ਯਾਦ ਦਾ,
ਹੁਣ ਜਾਣ ਦਾ ਵੇਲਾ ਗਿਆ,
ਹੁਣ ਗਿਆ ਜੇ ਤੇਰੇ ਸ਼ਹਿਰ ਤੋਂ,
ਤਾਂ ਲੱਗਾ ਨਹੀਂ ਫਿਰ ਆਣ....
 
ਮੈਂ ਚਾਹੁੰਦਾ ਕਿ ਜਾਣ ਵੇਲੇ ਵੀ,
ਹੱਸ ਕੇ ਜੁਦਾ ਹੋਈਏ,
ਮੈਂ ਚਾਹੁੰਦਾ ਕਿ ਦਰਦ ਵਿਛੋੜੇ ਦੇ,
ਮੈਨੂੰ ਚੁੰਮਣ  ਸੁੱਟਦੇ ਜਾਣ....

ਹੁਣ ਮੈਂ ਸੂਰਜ ਤਾਰਿਆਂ ਨੂੰ,
ਛੂਹਣ ਹਾਂ ਜਾ ਰਿਹਾ,
ਮੁੜ ਕੇ ਨਾ ਏਥੇ  ਆਉਣ ਦੀ,
ਲੱਗਾ ਹਾਂ  ਕਸਮ ਖਾਣ....
ਹੁਣ ਮੈਂ ਜ਼ਖ਼ਮ ਮੁਹੱਬਤ ਦੇ,
ਭਰ ਦੇਣੇ ਹਾਂ ਲੋਚਦਾ,
ਹੁਣ ਮੈਂ ਮਾਤਮ ਤੇਰੀ ਅਣਹੋਂਦ ਦਾ,
ਲੱਗਾ ਨਹੀਂ ਮਨਾਣ....

ਹੁਣ ਮੈਂ ਏਸ ਇਤਿਹਾਸ ਨੂੰ,
ਬਦਲ ਦੇਣਾ ਹਾਂ ਲੋਚਦਾ,
ਹੁਣ ਮੈਂ ਕਬਰ ਇਸ਼ਕ ਦੀ,
ਲੱਗਾ ਨਹੀਂ ਬਨਾਣ
 
ਮੇਰੀ ਉਡੀਕ,
ਹੈ ਬਾਹਰ ਖੜ੍ਹੀ,
ਕਿਸੇ ਦੀ ਜ਼ਿੰਦਗੀ ਕਰ ਰਹੀ
ਜਿਵੇਂ ਤੂੰ ਸੀ ਕਦੀ ਮੇਰੇ ਲਈ,
ਇਵੇਂ ਮੈਂ ਹਾਂ ਕਿਸੇ ਦੀ ਜਾਨ....
 
ਜੇ ਹੈ ਕੋਈ ਸਮੁੰਦਰ ਏਥੇ,
ਤਾਂ ਡੁੱਬ ਜਾਣਾ ਹਾਂ ਲੋਚਦਾ,
ਉੱਠ ਜਾਣਾ ਹਾਂ ਲੋਚਦਾ,
ਜੇ ਹੈ ਕੋਈ ਅਸਮਾਨ।...
 
ਹੁਣ ਮੈਨੂੰ ਵੀ ਆਸ ਹੈ,
ਬਦਲ ਜਾਏਗੀ ਮੇਰੀ ਤਕਦੀਰ,
ਹੁਣ ਮੇਰਾ ਵੀ ਖ਼ਿਆਲ ਹੈ,
ਕਿ ਮੈਂ ਹਾਂ ਇਕ ਇਨਸਾਨ....
 
ਹੁਣ ਮੈਂ ਤੇਰੀ ਯਾਦ ਨੂੰ,
ਖ਼ੁਦ ਵਿਦਾ ਹਾਂ ਕਰ ਰਿਹਾ,
ਹੁਣ ਮੈਂ ਛੱਡ ਕੇ ਜਾ ਰਿਹਾਂ
ਬਿਰਹਾ ਦਾ ਸ਼ਮਸ਼ਾਨ....
 
ਹੁਣ ਮੈਂ ਗੀਤ ਬਿਰਹਾ ਦਾ,
ਲਿਖਣਾ ਨਹੀਂ ਲੋਚਦਾ,
ਦਿਲ ਤੋਂ ਤੇਰੇ ਨਾਮ ਨੂੰ,
ਲੱਗਾ ਹਾਂ ਅੱਜ ਮਿਟਾਣ....
 
ਲੱਗਾ ਹਾਂ ਵਿਦਿਆ ਕਰਨ ਤੇਰੀ ਯਾਦ ਨੂੰ,
ਲੱਗਾ ਹਾਂ ਇਹ ਕਹਿਰ ਕਮਾਣ,
ਨਹੀਂ ਜਾਣਦਾ ਕਿ ਮੁਸ਼ਕਲ ਹੈ,
ਨਹੀਂ ਜਾਣਦਾ ਕਿ ਆਸਾਨ....
 
(ਸੰਨ 1994)

No comments:

Post a Comment