Sunday, September 6, 2020

ਗ਼ਜ਼ਲ

ਮੇਰੀ ਭਟਕਣਾ ਤੇਰੇ ਅਹਿਸਾਸ ' ਢਲ ਗਈ
ਇਕ  ਕਣੀ  ਸੀ  ਜੋ  ਸਮੁੰਦਰ 'ਚ  ਰਲ ਗਈ | 

ਇਕ ਭੁਲੇਖਾ ਸੀ ਮੈਨੂੰ ਕਿ ਕੋਈ ਹੋਰ ਵੀ ਹੈ
ਤੂੰ  ਹੀ  ਤੂੰ  ਸੀ  ਮੈਂ ਤੂੰ  ਵਿਚ ਬਦਲ  ਗਈ |
 
ਮੈਂ ਸੀ  ਸੋਚਿਆ  ਕਿ ਮੈਂ ਹੈ  ਜੰਮਿਆ ਉਸਨੂੰ
ਤੇਰਾ ਹੀ ਖ਼ਿਆਲ ਸੀ ਤੇਰੇ ਤੇ ਸ਼ਕਲ ਗਈ |
 
ਹੁੰਦਾ  ਜੇ ਖ਼ੁਦ  ਤੂੰ  ਤਾਂ  ਏਦਾਂ ਨਹੀਂ  ਸੀ ਹੋਣਾ
ਪਰ ਸੋਚ ਸੀ ਤੇਰੀ ਕਰ ਉਥਲ ਪੁਥਲ ਗਈ |
 
ਉਸਨੇ ਖੋਹ ਲਿਆ ਚਾਹੁਣ ਦਾ ਵੀ ਹੱਕ ਮੈਥੋਂ
ਕਵਿਤਾ  ਗਈ ਸੋਚ  ਵਿਚੋਂ ਤੇ  ਗ਼ਜ਼ਲ ਗਈ |
 
ਮੇਰੇ ਵਾਂਗ ਹੀ ਬਿਲਕੁਲ ਉਹ ਚਾਹੁੰਦਾ ਸੀ ਮੈਨੂੰ
ਅੱਖਾਂ  ਨੇ  ਭੇਤ  ਖੋਲ੍ਹਿਆ  ਫੜ੍ਹੀ  ਨਕਲ  ਗਈ |
 
ਸੜ ਗਿਆ ਪਿਆਰ ਤੇ ਨਿਸ਼ਾਨੀ ਵੀ ਜਲ ਗਈ
ਜ਼ਮੀਨ  ਗਈ  ਹੱਥੋਂ  ਨਾਲੇ ਪੱਕੀ  ਫਸਲ  ਗਈ |
 
ਤੂੰ ਗਿਆ ਤਾਂ ਮੇਰੇ  ਲਈ ਗਰਕ ਗਈ  ਦੁਨੀਆਂ
ਹਵਾ 'ਚੋਂ ਗਿਆ ਸ਼ੋਰ ਪਾਣੀ 'ਚੋਂ ਕਲਕਲ ਗਈ |
 
ਜੀਹਨੂੰ  ਜੀਹਨੂੰ ਆਪਣੀ  ਮੈਂ ਸਰਕਾਰ ਆਖਿਆ
ਮੌਕੇ  ਦੀ  ਸੀ  ਦੇਰ  ਤੇ ਉਹ  ਦਲ  ਬਦਲ ਗਈ |
 
ਜਿਸਮ ਦੀ ਕਿਤਾਬ ਨੂੰ ਕੋਈ ਕੀੜਾ ਖਾ ਗਿਆ
ਸਾਂਭ  ਕੇ  ਰੱਖੀ  ਸੀ  ਮੈਂ  ਫਿਰ ਵੀ  ਗਲ ਗਈ |
 
(ਸੰਨ 2018)

No comments:

Post a Comment