Friday, September 4, 2020

ਇਕ ਸ਼ਾਮ

ਕਿਸ ਤਰ੍ਹਾਂ  ਦੀ ਬੋਝਲ ਸ਼ਾਮ ਆਈ ਹੈ !
ਇਸ ਸਮੇਂ ਮੈਨੂੰ ਦੋਸਤੋ ਜ਼ਰੂਰਤ ਨਹੀਂ ਸੀ ਜਿਸਦੀ
ਅੱਜ ਉਹ ਮੇਰੀ ਕਲਪਨਾ ਨੇ ਰੰਗ ਫੜਿਆ ਹੈ
 
ਆਪਣੀ ਮੌਤ 'ਤੇ ਲਿਖੀ ਹੈ ਮੈਂ ਇਕ ਨਜ਼ਮ
ਆਪਣੀ ਬੋਝਲੀ ਅਵਸਥਾ ਦਾ ,
ਵੱਖਰਾ ਬੁੱਤ ਘੜਿਆ ਹੈ |
 
ਅਰਬਾਂ ਖ਼ਰਬਾਂ ਸੂਰਜਾਂ ਦਾ ਤਾਪ ਮੈਂ ,
ਦਿਲ ਆਪਣੇ ਵਿਚ
ਬਾਲ ਦੀਵੇ ਦੇ ਰੂਪ ਧਰਿਆ ਹੈ |
 
ਇੱਕੋ ਇੱਕ ਤਾਰਾ ਸ਼ਾਮ ਦਾ ਚੜ੍ਹਿਆ ਹੈ ,
ਮੇਰੀ ਉਮਰ ਦਾ ਇਹ ਸਾਲ
ਚਾਹੁੰਦਾ ਹੈ ਲੈਣਾ ਜਿਵਾਲ ਮੈਨੂੰ ,
ਪਰ ਦਿਲ ਦੀ ਡੂੰਘਾਣ ਅੰਤਰੀਵ ਵਿਚ
ਅਮਲਤਾਸ ਸਾਹਾਂ ਦਾ ਸੜਿਆ ਹੈ
 
ਮੈਂ ਕਹਿੰਦਾ ਹਾਂ ,
ਮੈਂ ਤੈਨੂੰ ਮੇਰੇ ਹਾਣ ਅਗਿਆਤ ਖੁਸ਼ੀ ਤੇ ਤੇਰੀ ,
ਲੱਖ-ਲੱਖ ਵਧਾਈ ਦਿੰਦਾ ਹਾਂ 
 
ਮੈਂ ਗੀਤਾ ਤੇ ਹੱਥ ਰੱਖ ਕੇ ਇਨਾਇਤ ਤੇਰੀ ਦੀ ,
ਸੁੱਚੀ ਗਵਾਹੀ ਦਿੰਦਾ ਹਾਂਮੈਂ ਦੁਹਾਈ ਦਿੰਦਾ ਹਾਂ  |

 
ਮੈਂ ਕਹਿੰਦਾ ਹਾਂ ,
ਮੈਂ ਕਲਪ-ਬ੍ਰਿਛ  ਨੂੰ ਵੱਢ ਕੇ ਜੜ੍ਹੋਂ
ਲਗਾ ਦਿੱਤਾ ਹੈ ਹਤਿਆਰਾ ਰੁੱਖ
ਤੇ ਛਾਂ ਇਹਦੀ ਵਿਚ ਰੋਜ਼ ,
ਖ਼ੁਦਕੁਸ਼ੀ ਕਰਨ ਬਹਿੰਦਾ ਹਾਂ
 
ਮੈਂ ਕਹਿੰਦਾ ਹਾਂ ਇਹ ਕੌਣ ਹੈ ,
ਜਿਸਨੇ ਮੈਨੂੰ ਚੰਦਨ ਤਿਲਕ
ਅਪਮਾਨ ਦਾ ਲਾ ਕੇ ,
ਤਾਜ ਕੰਡਿਆਂ ਦਾ ਪਹਿਨਾਇਆ ਹੈ |
 
ਇਹ ਕੌਣ ਹੈ ਜਿਸਨੇ ਮੈਨੂੰ
ਹਤਿਆਰੇ ਰੁੱਖ ਹੇਠ ਬਿਠਾਇਆ ਹੈ ,
ਕੌਣ ਹੈ ,
ਜਿਸਨੇ ਕਤਲ ਕੀਤਾ ਹੈ ਆਪ
ਪਰ ਇਲਜ਼ਾਮ ਮੇਰੇ ਸਿਰ ਲਾਇਆ ਹੈ |
 
ਕਿਸ ਨੇ ਮੇਰੀ ਜਵਾਨੀ ਦੇ ,
ਤੋੜ ਕੇ ਸੰਗੀਤ-ਪੱਤਰੇ
ਇਹਨੂੰ ਅਹਿੱਲ ਬਣਾਇਆ ਹੈ ,
 
ਜਿਸ ਨੇ ਵੀ ਏਦਾਂ ਕੀਤਾ ਹੈ ,
ਉਸ ਨੂੰ ਮੈਂ
ਲੱਖ-ਲੱਖ ਵਧਾਈ ਦਿੰਦਾ ਹਾਂ ,
ਮੈਂ ਗੀਤਾ ਤੇ ਹੱਥ ਰੱਖ ਕੇ ਕਹਿੰਦਾ ਹਾਂ ,
 
ਮੈਂ
ਹਰ ਇਲਜ਼ਾਮ ਆਪਣੇ ਸਿਰ ਲੈਂਦਾ ਹਾਂ |
 
ਇਹ ਸੱਚ ਹੈ...
ਸ਼ਹੁ-ਸਾਗਰ ਮੇਰੇ ਮਨ ਦਾ ਸੁੱਕ ਗਿਆ ਹੈ ,
ਤੇ ਦਮਨ ਮੇਰੇ ਨੇ ਛਾਤੀ ਉੱਤੇ ,
ਸਲੀਬ ਬਣਾਈ ਹੈ
 
ਪ੍ਰਤੀਤ ਹੁੰਦਾ ਹੈ ਕਿ
ਅਵੱਗਿਆ ਹੋਈ ਹੈ
ਮੇਰੇ ਹੱਥਾਂ ਚੰਦਰਿਆਂ ਤੋਂ ,
ਜਿਨ੍ਹਾਂ ਨੇ ਸਿਗਰਟ ਸ਼ਾਹਰਗ ਦੀ ਧੁਖ਼ਾਈ  ਹੈ |
 
ਸੱਚ ਹੈ ਕਿ
ਇਕਾਂਤ ਨਦੀ ਵਗਦੀ ਸੀ ,
ਇਕ ਮੇਰੀ ਉਮਰ ਦੀ ,
ਜਿਹੜੀ ਹੁਣ ਮੁੱਕਣ 'ਤੇ ਆਈ ਹੈ |
 
ਇਹ ਸੱਚ ਹੈ ,
ਕਿ ਤੂੰ ਹੀ ਹੈਂ ਉਹ ਬਾਗ਼ਵਾਨ ,
ਜਿਸਨੇ ਮੇਰੇ ਮਨ ਵਿਚ ਪਨੀਰੀ ,
ਪਿਆਰ ਦੀ ਲਾਈ ਹੈ ,
 
ਪਰ ਸੱਚ ਨਹੀਂ ਹੋ ਸਕਦਾ ਕਿ ,
ਬਾਗ਼ਵਾਨ ਨੇ ਆਪੇ ਮਿੱਧ ਸੁੱਟਿਆ ਹੈ ,
ਫੁੱਲ ਕਚਨਾਰ ਦਾ
ਤੇ ਹਾਸੀ ਪਿਆਰ ਦੀ ਉਡਾਈ ਹੈ |
 
ਇਹ ਤਾਂ ਹਾਅ ਹੈ ਕਿਸੇ ਦੀ ,
ਜਿਹੜੀ ਮੇਰੇ 'ਤੇ ਆਈ ਹੈ ,
ਸੱਚ ਤਾਂ ਇਹ ਹੈ, ਕਿ ਮੈਂ ਹੀ
ਬਰਫ਼ ਦੇ ਘਰ ਨੂੰ ਅੱਗ  ਲਾਈ ਹੈ ,

ਮੈਂ ਹਾਂ ਜੀਹਨੇ ਖ਼ੁਦ ਹੀ ਦਿਲ ਨੂੰ ,
ਰੋਣ ਦੀ ਗੇਝ  ਪਾਈ ਹੈ |
ਜਿਹਨੇ ਛੇੜ ਕੇ ਤਾਰਾਂ ਗ਼ਮ  ਦੀਆਂ ,
ਸੋਗੀ ਸੁਰ ਪਿਆਰ ਦੀ ਬਣਾਈ ਹੈ ,
ਜਿਸਦੇ ਫੁੱਲਾਂ 'ਤੇ ਨਾ ਕਦੇ ਬਹਾਰ ਆਈ ਹੈ |

ਰੰਗ-ਵਿਰੋਧ ਪਿਆਰ ਦਾ ,  ਜਿਸਦੇ ਬਣਿਆ ਨਹੀਂ ,
ਇਕ ਭੂਸਲੀ ਤਸਵੀਰ ਉੱਕਰ ਆਈ ਹੈ |
ਇਹ ਕਿਸ ਤਰ੍ਹਾਂ ਦੀ ਬੋਝਲ ਸ਼ਾਮ ਆਈ ਹੈ ,
 
ਇਸ ਸਮੇਂ ਮੈਨੂੰ ਦੋਸਤੋ ,
ਜ਼ਰੂਰਤ ਸੀ ਉਸਦੇ ਪਿਆਰ ਦੀ ,
ਜਿਸਨੇ ਮੈਨੂੰ ਸੱਟ
ਹਿਜਰ ਦੀ ਲਾਈ ਹੈ |
ਇਹ ਕਿਸ ਤਰ੍ਹਾਂ ਦੀ ਬੋਝਲ ਸ਼ਾਮ ਆਈ ਹੈ....
 
(ਸੰਨ 1994)
 

No comments:

Post a Comment