ਸੱਜਣ ਸਾਡੇ ਰੰਗਲੇ
ਸਾਥੋਂ ਤੁਰ ਗਏ ਕਿਤੇ ਦੂਰ ਵੇ
ਅਸੀਂ ਫੂਹੜੀ ਪਾ ਲਾਏ ਗੀਤ ਵੇ
ਲਿਖ ਹੁੰਦੇ ਨਾ ਮਗ਼ਰੂਰ ਵੇ |
ਅਸੀਂ ਮਿੱਟੜੀ ਦੇ ਭਾਂਡੜੇ
ਅੱਜ ਹੋ ਗਏ ਹਾਂ ਚੂਰ ਵੇ
ਸਾਨੂੰ ਭੁੱਲਦੀ ਨਾ ਤੇਰੀ ਵੇਦਨਾ
ਇਹੋ ਰੱਬ ਨੂੰ ਸੀ ਮਨਜ਼ੂਰ ਵੇ |
ਅੱਜ ਫੱਗਣ ਅੜਿਆ ਚੜ੍ਹ ਗਿਆ
ਪਿਆ ਅੰਬੀਆਂ ਨੂੰ ਬੂਰ ਵੇ
ਅਸੀਂ ਦੁੱਖ ਦਾ ਲਾਹਣ ਧਰ ਲਿਆ
ਤੇਰੇ ਗ਼ਮ ਦਾ ਲਾਹਿਆ ਪੂਰ ਵੇ |
ਗਈ ਆ ਮੁਹੱਰਮ ਪਿਆਰ ਦੀ
ਅਸੀਂ ਹੱਥੀਂ ਵੱਢ ਲਏ ਸੂਰ ਵੇ
ਅਸੀਂ ਕਿੱਕਰਾਂ ਦੇ ਫੁੱਲ ਵੇ
ਲਏ ਵਾਲਾਂ ਦੇ ਵਿਚ ਜੂੜ ਵੇ |
ਵਰਜਿਤ ਅਸਾਂ ਫਲ ਇਸ਼ਕ ਦਾ
ਇਸ ਦਿਲ ਦੇ ਆਖੇ ਖਾ ਲਿਆ
ਅਸੀਂ ਦਿਲ ਦੇ ਵਿਹੜੇ ਬਿਰਹੜਾ
ਰੁੱਖ ਜ਼ਹਿਰ ਦਾ ਵੇ ਲੈ ਲਿਆ |
ਮਰ ਜਾਣ ਵੈਰੀ ਤੈਂਡੜੇ
ਸਾਨੂੰ ਬਿਰਹੋਂ ਦੇਵਣ ਵਾਲਿਆ
ਤੇਰੇ ਪਿਆਰ ਦੀ ਅਸੀਂ ਤਖ਼ਤੜੀ
ਇਕ ਪੂਰਨਾ ਹੈ ਪਾ ਲਿਆ |
ਇਨ੍ਹਾਂ ਨੈਣਾਂ ਦਾ ਖੂਹ ਡੂੰਘੜਾ
ਅਸਾਂ ਹੋਰ ਹੈ ਕਰਵਾ ਲਿਆ
ਉੱਤੇ ਸੰਘਣਾ ਗ਼ਮ ਦਾ ਸੁਹਣਿਆ
ਇਕ ਤੂਤ ਹੈ ਲਗਵਾ ਲਿਆ |
ਇਕ ਤੂਤ ਜੋ ਲਗਵਾ ਲਿਆ
ਮਣ ਤੂਤੀਆਂ ਦਾ ਖਾ ਲਿਆ
ਕਿਸੇ ਤਪਦੇ ਹੋਏ ਥੰਮ ਨੂੰ
ਅਸਾਂ ਭੱਜ ਕੇ ਜੱਫ਼ਾ ਪਾ ਲਿਆ |
ਅਸੀਂ ਦੁੱਖ ਦੇ ਚੁੱਕ ਲਏ ਬੋਬੜੇ
ਕੋਈ ਕਾਲਾ ਸੱਪ ਹੈ ਖਾ ਲਿਆ
ਅਸੀਂ ਮੜ੍ਹੀਆਂ ਦੇ ਵਿਚ ਬੈਠ ਕੇ
ਇਕ ਮਰਸੀਆ ਹੈ ਗਾ ਲਿਆ |
ਬਿਰਹਾ ਦਾ ਸਿੱਕਾ ਗਾਲ ਕੇ
ਵਿਚ ਸਾਹਾਂ ਦੇ ਹੈ ਪਾ ਲਿਆ
ਅਸਾਂ ਸਹਿਜ ਤੇਰੇ ਪਿਆਰ ਦਾ
ਅੱਜ ਪਾਠ ਹੈ ਰਖਵਾ ਲਿਆ |
ਅਸਾਂ ਪਿੱਤ ਵੇ ਸੱਜਣਾ ਤਾ ਲਿਆ
ਉੱਤੇ ਤੱਤਾ ਰੇਤਾ ਪਾ ਲਿਆ
ਅਸੀਂ ਪੀ ਲਏ ਵੇ ਅੱਥਰੂ
ਜਿਉਂ ਖੰਡ ਦਾ ਤੋਤਾ ਖਾ ਲਿਆ |
ਤੇਰੇ ਬੋਹੜਾਂ ਦੇ ਨਾਲ ਲਟਕ ਕੇ
ਅਸਾਂ ਫਾਹਾ ਖ਼ੁਦ ਨੂੰ ਲਾ ਲਿਆ
ਅਸੀਂ ਪੱਥਰਾਂ ਦੇ ਸ਼ਹਿਰ ਵੇ
ਘਰ ਸ਼ੀਸ਼ਿਆਂ ਦਾ ਪਾ ਲਿਆ |
ਵਿਚ ਦੇ ਕੇ ਟੋਕੇ ਹਿਜਰ ਦੇ
ਦੋਵੇਂ ਹੱਥ ਲਏ ਅਸਾਂ ਤੋੜ ਵੇ
ਸਾਨੂੰ ਨਿੱਤ ਉਡੀਕਾਂ ਤੇਰੀਆਂ
ਸਾਨੂੰ ਤੇਰੀ ਹੀ ਬਸ ਥੋੜ ਵੇ |
ਅਸਾਂ ਹਾਰ ਗਲ ਵਿਚ ਪਾ ਲਿਆ
ਫੁੱਲ ਅਸਥੀਆਂ ਦਾ ਜੋੜ ਵੇ
ਰੋ-ਰੋ ਕੇ ਤੇਰੀ ਯਾਦ ਵਿਚ
ਅਸੀਂ ਅੱਖਾਂ ਲਈਆਂ ਰੋੜ੍ਹ ਵੇ |
ਅਸੀਂ ਟੋਭੇ ਬੈਠੇ ਓਸ ਵੇ
ਜੀਹਦੇ ਕੰਢੇ ਉੱਤੇ ਬੋੜ੍ਹ ਵੇ
ਤੈਨੂੰ ਚੇਤੇ ਕਰ ਅਸੀਂ ਟੋਭੜੇ
ਵਿਚ ਸੁੱਟਦੇ ਚੁੱਕ-ਚੁੱਕ ਰੋੜ ਵੇ |
ਤੇਰੀ ਯਾਦ ਵਿਚ ਬਣਵਾ ਲਏ
ਅਸੀਂ ਬਾਂਹ ਤੇ ਚਿੜੀਆਂ ਮੋਰ ਵੇ
ਸਾਨੂੰ ਦੱਛਣਾ ਆਪਣੇ ਪਿਆਰ ਦੀ
ਇਕ ਦੇ ਜਾ ਅੜਿਆ ਹੋਰ ਵੇ |
ਇਕ ਟਾਹਲੀ ਜਿਸਦੀ ਡਾਲ 'ਤੇ
ਦੋ ਤੋਤਿਆਂ ਦੀ ਖੋੜ ਵੇ
ਉਹਦੇ ਹੇਠ ਲਿਖਿਆ ਸੀ ਕਦੇ
ਅਸੀਂ ਨਾਮ ਆਪਣਾ ਜੋੜ ਵੇ |
(ਸੰਨ 1993)
No comments:
Post a Comment