Saturday, August 29, 2020

ਹੁਣ

ਹੁਣ ਬਹੁਤਾ ਸਮਾਂ ਇੰਜ ਗੁਜ਼ਰਦਾ ਹੈ,
ਜਿਵੇਂ ਖੜ੍ਹ ਗਈ ਹੋਵੇ
ਇਸ ਮੋੜ ਤੇ ਆ ਕੇ ਜ਼ਿੰਦਗੀ ...

ਕਿਸੇ ਪਹਾੜ ਦੀ ਵਾਟ ਵਰਗਾ ਸਮਾਂ,
ਮੇਰੇ ਵਿਚ ਜਿਵੇਂ ਕੰਧ ਵਾਂਗ ਉਸਰ ਗਿਆ ਹੋਵੇ ....
ਹੁਣ ਬਹੁਤਾ ਸਮਾਂ ਪਹਿਲਾਂ ਵਾਂਗ ਨਹੀਂ ਗੁਜ਼ਰਦਾ ।

ਹੁਣ ਇਹ ਸਮਾਂ ਹੈ ਕਿਸੇ ਕਤਲ ਵਾਂਗ,
ਹੁਣ ਬਹੁਤ ਸਮਾਂ ਸ਼ਾਇਦ ਸਜ਼ਾ ਵਰਗਾ ਹੈ ....

ਹੁਣ ਹੈ ਇਹ ਸਮਾਂ,
ਇੰਝ ਕਿ ਜਿਵੇਂ ਅਪਰਾਧ ਵਰਗਾ ਮੈਂ ਤੇ,
ਇਲਜ਼ਾਮ ਵਰਗੀ ਜ਼ਿੰਦਗੀ ਹੋਵੇ...

ਜਿੱਦਾਂ ਹੈ ਕਿਸੇ ਅੱਗ ਦੇ ਸਫ਼ਰ ਵਰਗਾ ਸਮਾਂ,
ਇੰਜ ਕਿ ਜਿਵੇਂ ਮੈਂ ਤੇਰੀ ਰੂਹ ਦੀ
ਸਲੀਬ ਤੇ ਗੱਡਿਆ ਗਿਆ ਹੋਵਾਂ...

ਹੁਣ ਜਦੋਂ ਦੋ-ਤਿਹਾਈ ਉਮਰ ਨੇ ਭਰਿਆ ਹੈ
ਖੁਸ਼ਕ ਹੰਝੂਆਂ ਦਾ ਕੁਸੈਲਾ ਘੁੱਟ |
ਤੇ ਸ਼ਬਦਾਂ ਦੀ ਧੁੰਦ ਵਿਚ ਫੈਲਿਆ ਹੈ ਚੁੱਪ ਦਾ ਖਲਾਅ |
ਹੁਣ ਇਹ ਸਮਾਂ ਸੋਚ ਦੇ ਫ਼ਰਕ ਵਰਗਾ ਹੈ....
ਹੁਣ ਇਹ ਸਮਾਂ ਪਿਆਸੇ ਸਫ਼ਰ ਵਰਗਾ ਹੈ....
ਹੁਣ ਬਹੁਤਾ ਸਮਾਂ ਕਿਸੇ ਨਰਕ ਵਰਗਾ ਹੈ....

(ਸੰਨ 1991)

No comments:

Post a Comment