Sunday, September 6, 2020

ਗ਼ਜ਼ਲ

ਮੇਰਿਆਂ ਲਫ਼ਜ਼ਾਂ  ਦੀ  ਹੂ-ਬ-ਹੂ   ਤਰਜਮਾਨੀ  ਕਿਉਂ
ਤੂੰ ਸੰਭਾਲ ਕਾਰੋਬਾਰ ਆਪਣਾ ਤੈਨੂੰ ਪਰੇਸ਼ਾਨੀ ਕਿਉਂ 

ਪਹਿਲਾਂ  ਤਾਂ  ਨਹੀਂ ਸੀ ਕੋਈ ਰਾਬਤਾ ਸਾਡੇ ਵਿਚਕਾਰ
ਅਚਾਨਕ ਹੋਇਆ ਅੱਜ ਕੀ, ਇਹ ਮਿਹਰਬਾਨੀ ਕਿਉਂ 

ਕਹਿੰਦਾ ਕਿ ਲਿਖਤ ਵਿੱਚ ਲਾ ਦਿਆ ਕਰੀਂ ਸੁਨੇਹਾ 
ਅਰਜ਼ ਦਿਲ  ਦੀ  ਨਈਂ ਆਖਣੀ  ਜ਼ੁਬਾਨੀ, ਕਿਉਂ ?

ਦੋਗਲਾਪਨ ਨੇਤਾਗਿਰੀ ਤੇ ਸਿਆਸਤਦਾਨੀ ਕਿਉਂ
ਜੇ ਇਹ ਰੋਗ  ਨੇ ਤਾਂ ਠੀਕ ਪਰ  ਖਾਨਦਾਨੀ ਕਿਉਂ

ਹੁਣ ਦੇ ਹੁਣ ਹੀ ਇਕਦਮ ਕਿਵੇਂ ਢਲ ਗਿਆ ਸੂਰਜ
ਜੇ  ਮੈਂ  ਚਾਹੁੰਦਾ ਸੀ ਕੁਝ ਅੱਗ ਤਾਂ ਬੇਈਮਾਨੀ ਕਿਉਂ

(ਸੰਨ 2018)

ਗ਼ਜ਼ਲ

ਮੇਰੀ ਭਟਕਣਾ ਤੇਰੇ ਅਹਿਸਾਸ ' ਢਲ ਗਈ
ਇਕ  ਕਣੀ  ਸੀ  ਜੋ  ਸਮੁੰਦਰ 'ਚ  ਰਲ ਗਈ | 

ਇਕ ਭੁਲੇਖਾ ਸੀ ਮੈਨੂੰ ਕਿ ਕੋਈ ਹੋਰ ਵੀ ਹੈ
ਤੂੰ  ਹੀ  ਤੂੰ  ਸੀ  ਮੈਂ ਤੂੰ  ਵਿਚ ਬਦਲ  ਗਈ |
 
ਮੈਂ ਸੀ  ਸੋਚਿਆ  ਕਿ ਮੈਂ ਹੈ  ਜੰਮਿਆ ਉਸਨੂੰ
ਤੇਰਾ ਹੀ ਖ਼ਿਆਲ ਸੀ ਤੇਰੇ ਤੇ ਸ਼ਕਲ ਗਈ |
 
ਹੁੰਦਾ  ਜੇ ਖ਼ੁਦ  ਤੂੰ  ਤਾਂ  ਏਦਾਂ ਨਹੀਂ  ਸੀ ਹੋਣਾ
ਪਰ ਸੋਚ ਸੀ ਤੇਰੀ ਕਰ ਉਥਲ ਪੁਥਲ ਗਈ |
 
ਉਸਨੇ ਖੋਹ ਲਿਆ ਚਾਹੁਣ ਦਾ ਵੀ ਹੱਕ ਮੈਥੋਂ
ਕਵਿਤਾ  ਗਈ ਸੋਚ  ਵਿਚੋਂ ਤੇ  ਗ਼ਜ਼ਲ ਗਈ |
 
ਮੇਰੇ ਵਾਂਗ ਹੀ ਬਿਲਕੁਲ ਉਹ ਚਾਹੁੰਦਾ ਸੀ ਮੈਨੂੰ
ਅੱਖਾਂ  ਨੇ  ਭੇਤ  ਖੋਲ੍ਹਿਆ  ਫੜ੍ਹੀ  ਨਕਲ  ਗਈ |
 
ਸੜ ਗਿਆ ਪਿਆਰ ਤੇ ਨਿਸ਼ਾਨੀ ਵੀ ਜਲ ਗਈ
ਜ਼ਮੀਨ  ਗਈ  ਹੱਥੋਂ  ਨਾਲੇ ਪੱਕੀ  ਫਸਲ  ਗਈ |
 
ਤੂੰ ਗਿਆ ਤਾਂ ਮੇਰੇ  ਲਈ ਗਰਕ ਗਈ  ਦੁਨੀਆਂ
ਹਵਾ 'ਚੋਂ ਗਿਆ ਸ਼ੋਰ ਪਾਣੀ 'ਚੋਂ ਕਲਕਲ ਗਈ |
 
ਜੀਹਨੂੰ  ਜੀਹਨੂੰ ਆਪਣੀ  ਮੈਂ ਸਰਕਾਰ ਆਖਿਆ
ਮੌਕੇ  ਦੀ  ਸੀ  ਦੇਰ  ਤੇ ਉਹ  ਦਲ  ਬਦਲ ਗਈ |
 
ਜਿਸਮ ਦੀ ਕਿਤਾਬ ਨੂੰ ਕੋਈ ਕੀੜਾ ਖਾ ਗਿਆ
ਸਾਂਭ  ਕੇ  ਰੱਖੀ  ਸੀ  ਮੈਂ  ਫਿਰ ਵੀ  ਗਲ ਗਈ |
 
(ਸੰਨ 2018)