Showing posts with label ਮਸ਼ਹੂਰ. Show all posts
Showing posts with label ਮਸ਼ਹੂਰ. Show all posts

Wednesday, September 2, 2020

ਪਾਪ

ਅਸੀਂ  ਪਾਪ  ਕਰ  ਲਿਆ  ਮਸ਼ਹੂਰ ਹੋਣ ਦਾ ।
ਗ਼ਮ ਦਿਲ ਨੂੰ ਲਾ ਲਿਆ ਤੇਰੇ ਦੂਰ ਹੋਣ ਦਾ ।
 
ਹਰ ਆਸ ਮਰ ਗਈ ਇਕ ਤੂੰ ਜੋ ਤੁਰ ਗਿਆ 
ਇਕ ਲਫ਼ਜ਼ ਰਹਿ ਗਿਆ ਮਜਬੂਰ ਹੋਣ ਦਾ ।
 
ਕੁਝ ਜ਼ਖ਼ਮ ਮੇਰੇ ਵਾਸਤੇ ਸਲੀਬ ਬਣ ਗਏ 
ਪਰ ਭੇਤ  ਰਹਿ  ਗਿਆ ਮਨਸੂਰ ਹੋਣ ਦਾ ।

ਹੈ  ਸ਼ੁਕਰ  ਕਿ  ਗਵਾਹ  ਤੇ  ਸਬੂਤ  ਮਿਲ  ਗਿਆ
ਇਸ ਪਿਆਰ ' ਮਰ ਜਾਣ ਦੇ ਦਸਤੂਰ ਹੋਣ ਦਾ ।
 
ਅੱਜ 'ਜੀਤ' ਨੂੰ ਕੋਈ ਕਹਿਰ ਦਾ ਖ਼ਾਮੋਸ਼ ਵੇਖ ਕੇ 
ਇਲਜ਼ਾਮ  ਦੇ   ਗਿਆ   ਮਗ਼ਰੂਰ   ਹੋਣ   ਦਾ ।
 
(ਸੰਨ 1992)

Saturday, August 29, 2020

ਵਿਸ਼ਵਾਸ

ਥੋੜ੍ਹਾ ਆਪਣਾ  ਜੇ ਸਾਂਵਲਾ  ਕਸੂਰ ਮੰਨਦਾ
ਇੰਝ ਰੁੱਸ ਕੇ ਨਾ ਜਾਂਦਾ, ਉਹ ਜ਼ਰੂਰ ਮੰਨਦਾ |

ਰੱਬਾ ਅਸੀਂ ਕਿਹੜਾ ਤਨ ਦਾ ਗੁਲਾਲ ਮੰਗਿਆ
ਇਕ ਨੈਣਾਂ ਵਿਚ ਉਸ ਦਾ ਵਸਾਲ ਮੰਗਿਆ
ਸਾਡੇ ਨੈਣਾਂ ਵਿਚ ਰਹਿਣ ਦੀ ਹਜ਼ੂਰ ਮੰਨਦਾ |
 
ਰੱਬਾ ਅਸੀਂ ਕਿਹੜਾ ਉਸ ਤੋਂ ਜਹਾਨ ਮੰਗਿਆ
ਕਿਹੜਾ ਹਿੱਕੜੀ ਤੇ ਹੋਠ ਦਾ ਨਿਸ਼ਾਨ ਮੰਗਿਆ 
ਨੇੜੇ ਰਹਿੰਦਾ ਭਾਵੇਂ ਸਾਨੂੰ ਦਿਲੋਂ ਦੂਰ ਮੰਨਦਾ |
 
ਰੱਬਾ ਅਸੀਂ ਕਿਹੜਾ ਹੀਰਿਆਂ ਦਾ ਹਾਰ ਮੰਗਿਆ
ਇਕ ਬਦਲੇ ਪਿਆਰ ਦੇ ਪਿਆਰ ਮੰਗਿਆ 
ਕਿਤੇ ਆਪਣੇ ਗਿਰਾਂ ਦਾ ਮਸ਼ਹੂਰ ਮੰਨਦਾ |
 
ਥੋੜ੍ਹਾ ਆਪਣਾ ਜੇ.....
 
(ਸੰਨ 1992)