Sunday, August 30, 2020

ਸੱਜਣ ਸਾਡੇ ਰੰਗਲੇ

ਸੱਜਣ  ਸਾਡੇ  ਰੰਗਲੇ 
ਸਾਥੋਂ ਤੁਰ ਗਏ ਕਿਤੇ ਦੂਰ ਵੇ 
ਅਸੀਂ ਫੂਹੜੀ ਪਾ ਲਾਏ ਗੀਤ ਵੇ 
ਲਿਖ ਹੁੰਦੇ ਨਾ ਮਗ਼ਰੂਰ ਵੇ |

ਅਸੀਂ ਮਿੱਟੜੀ ਦੇ ਭਾਂਡੜੇ 
ਅੱਜ ਹੋ ਗਏ ਹਾਂ ਚੂਰ ਵੇ 
ਸਾਨੂੰ ਭੁੱਲਦੀ ਨਾ ਤੇਰੀ ਵੇਦਨਾ 
ਇਹੋ ਰੱਬ ਨੂੰ ਸੀ ਮਨਜ਼ੂਰ ਵੇ |

ਅੱਜ ਫੱਗਣ ਅੜਿਆ ਚੜ੍ਹ ਗਿਆ 
ਪਿਆ ਅੰਬੀਆਂ ਨੂੰ ਬੂਰ ਵੇ 
ਅਸੀਂ ਦੁੱਖ ਦਾ ਲਾਹਣ ਧਰ ਲਿਆ 
ਤੇਰੇ ਗ਼ਮ ਦਾ ਲਾਹਿਆ ਪੂਰ ਵੇ |

ਗਈ ਆ ਮੁਹੱਰਮ ਪਿਆਰ ਦੀ 
ਅਸੀਂ ਹੱਥੀਂ ਵੱਢ ਲਏ ਸੂਰ ਵੇ 
ਅਸੀਂ ਕਿੱਕਰਾਂ ਦੇ ਫੁੱਲ ਵੇ 
ਲਏ ਵਾਲਾਂ ਦੇ ਵਿਚ ਜੂੜ ਵੇ |

ਵਰਜਿਤ ਅਸਾਂ ਫਲ ਇਸ਼ਕ ਦਾ 
ਇਸ ਦਿਲ ਦੇ ਆਖੇ ਖਾ ਲਿਆ 
ਅਸੀਂ ਦਿਲ ਦੇ ਵਿਹੜੇ ਬਿਰਹੜਾ 
ਰੁੱਖ ਜ਼ਹਿਰ ਦਾ ਵੇ ਲੈ ਲਿਆ |

ਮਰ  ਜਾਣ  ਵੈਰੀ  ਤੈਂਡੜੇ 
ਸਾਨੂੰ ਬਿਰਹੋਂ ਦੇਵਣ ਵਾਲਿਆ 
ਤੇਰੇ ਪਿਆਰ ਦੀ ਅਸੀਂ ਤਖ਼ਤੜੀ 
ਇਕ ਪੂਰਨਾ ਹੈ ਪਾ ਲਿਆ |

ਇਨ੍ਹਾਂ ਨੈਣਾਂ ਦਾ ਖੂਹ ਡੂੰਘੜਾ 
ਅਸਾਂ ਹੋਰ ਹੈ ਕਰਵਾ ਲਿਆ 
ਉੱਤੇ ਸੰਘਣਾ ਗ਼ਮ ਦਾ ਸੁਹਣਿਆ 
ਇਕ ਤੂਤ ਹੈ ਲਗਵਾ ਲਿਆ |

ਇਕ ਤੂਤ ਜੋ ਲਗਵਾ ਲਿਆ 
ਮਣ ਤੂਤੀਆਂ ਦਾ ਖਾ ਲਿਆ 
ਕਿਸੇ ਤਪਦੇ ਹੋਏ ਥੰਮ ਨੂੰ 
ਅਸਾਂ ਭੱਜ ਕੇ ਜੱਫ਼ਾ ਪਾ ਲਿਆ | 

ਅਸੀਂ ਦੁੱਖ ਦੇ ਚੁੱਕ ਲਏ ਬੋਬੜੇ 
ਕੋਈ ਕਾਲਾ ਸੱਪ ਹੈ ਖਾ ਲਿਆ 
ਅਸੀਂ ਮੜ੍ਹੀਆਂ ਦੇ ਵਿਚ ਬੈਠ ਕੇ 
ਇਕ ਮਰਸੀਆ ਹੈ ਗਾ ਲਿਆ |

ਬਿਰਹਾ ਦਾ ਸਿੱਕਾ ਗਾਲ ਕੇ 
ਵਿਚ ਸਾਹਾਂ ਦੇ ਹੈ ਪਾ ਲਿਆ 
ਅਸਾਂ ਸਹਿਜ ਤੇਰੇ ਪਿਆਰ ਦਾ 
ਅੱਜ ਪਾਠ ਹੈ ਰਖਵਾ ਲਿਆ | 

ਅਸਾਂ ਪਿੱਤ ਵੇ ਸੱਜਣਾ ਤਾ ਲਿਆ 
ਉੱਤੇ ਤੱਤਾ ਰੇਤਾ ਪਾ ਲਿਆ 
ਅਸੀਂ ਪੀ ਲਏ ਵੇ ਅੱਥਰੂ 
ਜਿਉਂ ਖੰਡ ਦਾ ਤੋਤਾ ਖਾ ਲਿਆ |

ਤੇਰੇ ਬੋਹੜਾਂ ਦੇ ਨਾਲ ਲਟਕ ਕੇ 
ਅਸਾਂ ਫਾਹਾ ਖ਼ੁਦ ਨੂੰ ਲਾ ਲਿਆ 
ਅਸੀਂ ਪੱਥਰਾਂ ਦੇ ਸ਼ਹਿਰ ਵੇ 
ਘਰ ਸ਼ੀਸ਼ਿਆਂ ਦਾ ਪਾ ਲਿਆ | 

ਵਿਚ ਦੇ ਕੇ ਟੋਕੇ ਹਿਜਰ ਦੇ 
ਦੋਵੇਂ ਹੱਥ ਲਏ ਅਸਾਂ ਤੋੜ ਵੇ 
ਸਾਨੂੰ ਨਿੱਤ ਉਡੀਕਾਂ ਤੇਰੀਆਂ 
ਸਾਨੂੰ ਤੇਰੀ ਹੀ ਬਸ ਥੋੜ ਵੇ |

ਅਸਾਂ ਹਾਰ ਗਲ ਵਿਚ ਪਾ ਲਿਆ 
ਫੁੱਲ ਅਸਥੀਆਂ ਦਾ ਜੋੜ ਵੇ 
ਰੋ-ਰੋ ਕੇ ਤੇਰੀ ਯਾਦ ਵਿਚ
ਅਸੀਂ ਅੱਖਾਂ ਲਈਆਂ ਰੋੜ੍ਹ ਵੇ | 

ਅਸੀਂ ਟੋਭੇ ਬੈਠੇ ਓਸ ਵੇ 
ਜੀਹਦੇ ਕੰਢੇ ਉੱਤੇ ਬੋੜ੍ਹ ਵੇ 
ਤੈਨੂੰ ਚੇਤੇ ਕਰ ਅਸੀਂ ਟੋਭੜੇ 
ਵਿਚ ਸੁੱਟਦੇ ਚੁੱਕ-ਚੁੱਕ ਰੋੜ ਵੇ |

ਤੇਰੀ ਯਾਦ ਵਿਚ ਬਣਵਾ ਲਏ 
ਅਸੀਂ ਬਾਂਹ ਤੇ ਚਿੜੀਆਂ ਮੋਰ ਵੇ 
ਸਾਨੂੰ ਦੱਛਣਾ ਆਪਣੇ ਪਿਆਰ ਦੀ 
ਇਕ ਦੇ ਜਾ ਅੜਿਆ ਹੋਰ ਵੇ | 

ਇਕ ਟਾਹਲੀ ਜਿਸਦੀ ਡਾਲ 'ਤੇ 
ਦੋ ਤੋਤਿਆਂ ਦੀ ਖੋੜ ਵੇ 
ਉਹਦੇ ਹੇਠ ਲਿਖਿਆ ਸੀ ਕਦੇ 
ਅਸੀਂ ਨਾਮ ਆਪਣਾ ਜੋੜ ਵੇ |

(ਸੰਨ 1993)

No comments:

Post a Comment