Friday, September 18, 2020

ਮੇਰੀ ਸੋਚ ਮੁਰਦਾ ਹੋ ਗਈ..

ਮੇਰੀ ਸੋਚ ਮੁਰਦਾ ਹੋ ਗਈ
ਮੈਨੂੰ ਕਰ ਗਈ ਗ਼ਮਖੋਰ ਵੇ
ਮੈਨੂੰ ਤਿੜਕੇ-ਤਿੜਕੇ ਜਾਪਦੇ
ਇਸ ਦਿਲ ਦੇ ਦੁਖਦੇ ਜੋੜ ਵੇ ।
ਬਦ-ਬਖ਼ਤ ਮੇਰਾ ਨਾਮ ਵੇ
ਮੈਨੂੰ ਫਿੱਕੜੇ ਲੱਗਦੇ ਸ਼ੋਰ ਵੇ
ਗਾਹ ਗ਼ਮ ਦੇ ਮੈਨੂੰ ਪੈ ਗਏ
ਤੇ ਦਿਲ ਤੇ ਚੱਲ ਗਏ ਕੋੜ੍ਹ ਵੇ ।
ਹੁਣ ਪਰਦੇ ਲੱਥੇ ਭਰਮ ਦੇ
ਕੋਈ ਲੁੱਟ ਗਏ ਮੈਨੂੰ ਚੋਰ ਵੇ
ਅਸੀਂ ਸੁਪਨਾ ਕੁਝ ਸੀ ਵੇਖਿਆ
ਪਰ ਹੋ ਗਿਆ ਕੁਝ ਹੋਰ ਵੇ ।
ਫਿਰ ਰੂਹ ‘ਚੋਂ ਉੱਠੀ ਚੀਸ ਵੇ
ਉਸ ਮਾਰੀ ਜਦ ਚਿਲਕੋਰ ਵੇ
ਅਸੀਂ ਪੀੜਾਂ ਰੱਖੀਆਂ ਸਾਂਭ ਕੇ
ਸਭ ਖੇਡਾਂ ਦਿੱਤੀਆਂ ਤੋੜ ਵੇ ।
ਕੋਈ ਰੋਕੋ ਓਸ ਬਲੋਚ ਨੂੰ
ਛੱਡ ਤੁਰਿਆ ਸ਼ਹਿਰ ਭੰਬੋਰ ਵੇ
ਕਿਵੇਂ ਰਾਤ ਪੂਰੇ ਚੰਨ ਦੀ
ਨੂੰ ਖਾ ਗਿਆ ਘਨਘੋਰ ਵੇ ।
ਮੇਰੇ ਖਿੱਲਰੇ-ਖਿੱਲਰੇ ਵਾਲ ਵੇ
ਤੇ ਉੱਖੜੀ-ਉੱਖੜੀ ਤੋਰ ਵੇ
ਕੋਈ ਦੇਵੋ ਮੰਤਰ ਫੂਕ ਵੇ
ਕਿਤੇ ਪੈ ਜਾਵੇ ਸੂ ਮੋੜ ਵੇ ।
ਸਾਨੂੰ ਆਪਣੇ ਤੇ ਉਸ ਲਈ
ਕੋਈ ਮਾਣ ਸੀ ਸਿਰਤੋੜ ਵੇ
ਜਦ ਬੋਝੀਆਂ ਅੱਜ ਫੋਲੀਆਂ
ਤਾਂ ਵਿੱਚੋਂ ਨਿਕਲੇ ਰੋੜ ਵੇ
ਅਸੀਂ ਸਬਰ ਦਾ ਘੁੱਟ ਭਰ ਲਿਆ
ਤੇ ਖਾ ਲਿਆ ਗ਼ਮ ਭੋਰ ਵੇ
ਅਸੀਂ ਟੁੱਟ ਕੇ ਤੈਨੂੰ ਚਾਹ ਲਿਆ
ਤੇ ਚਾਹੁਣਾ ਹਾਲੀਂ ਹੋਰ ਵੇ ।

 ਸੰਨ 1994

No comments:

Post a Comment